ਮੋਢੇ ਅਤੇ ਬਾਂਹ ਦੀ ਸਰਜਰੀ ਤੋਂ ਬਾਅਦ ਗੱਡੀ ਚਲਾਉਣਾ: ਇਹ ਕਦੋਂ ਸੁਰੱਖਿਅਤ ਅਤੇ ਕਾਨੂੰਨੀ ਹੈ? ਜਾਣਕਾਰੀ
ਉੱਪਰਲੇ ਅੰਗ (ਮੋਢੇ ਤੋਂ ਹੱਥ ਤੱਕ ਦੀ ਬਾਂਹ) ਦੀ ਸਰਜਰੀ ਤੋਂ ਬਾਅਦ ਗੱਡੀ ਚਲਾਉਣਾ ਡਾਕਟਰੀ ਅਤੇ ਕਾਨੂੰਨੀ, ਦੋਵੇਂ ਤਰ੍ਹਾਂ ਦਾ ਸਵਾਲ ਹੈ। ਛੋਟਾ ਜਵਾਬ: ਤੁਸੀਂ ਮੁੜ ਗੱਡੀ ਉਦੋਂ ਚਲਾ ਸਕਦੇ ਹੋ ਜਦੋਂ ਤੁਸੀਂ ਹਰ ਸੰਭਾਵਿਤ ਹਾਲਤ ਵਿੱਚ ਗੱਡੀ ਨੂੰ ਸੁਰੱਖਿਅਤ ਢੰਗ ਨਾਲ ਕਾਬੂ ਕਰ ਸਕਦੇ ਹੋ, ਜਿਸ ਵਿੱਚ ਦੋਵੇਂ ਹੱਥ ਸਟੀਅਰਿੰਗ ਉੱਤੇ ਰੱਖ ਕੇ ਐਮਰਜੈਂਸੀ ਵਿੱਚ ਅਚਾਨਕ ਗੱਡੀ ਰੋਕਣਾ ਵੀ ਸ਼ਾਮਲ ਹੈ, ਅਤੇ ਤੁਹਾਡਾ ਸਰਜਨ ਅਤੇ ਇਲਾਜ ਕਰਨ ਵਾਲੇ ਹੋਰ ਸਿਹਤ ਮਾਹਰ ਇਸ ਨਾਲ ਸਹਿਮਤ ਹੋਣ।
ਕਾਨੂੰਨੀ ਸਥਿਤੀ
ਪੂਰੇ ਆਸਟ੍ਰੇਲੀਆ ਵਿੱਚ ਵਰਤੀਆਂ ਜਾਂਦੀਆਂ Austroads ਦੀਆਂ Assessing Fitness to Drive (ਗੱਡੀ ਚਲਾਉਣ ਦੀ ਯੋਗਤਾ ਦਾ ਮੁਲਾਂਕਣ) ਹਿਦਾਇਤਾਂ ਅਨੁਸਾਰ, ਗੱਡੀ ਚਲਾਉਣ ਵਾਲਾ ਹਰ ਸਮੇਂ ਇਸ ਗੱਲ ਲਈ ਜ਼ਿੰਮੇਵਾਰ ਹੈ ਕਿ ਉਹ ਗੱਡੀ ਚਲਾਉਣ ਦੇ ਯੋਗ ਹੋਵੇ। ਜੇ ਤੁਸੀਂ ਡਾਕਟਰੀ ਸਲਾਹ ਦੇ ਉਲਟ ਗੱਡੀ ਚਲਾ ਰਹੇ ਸੀ ਤਾਂ ਬੀਮਾ ਕੰਪਨੀਆਂ ਤੁਹਾਡਾ ਕਲੇਮ ਰੱਦ ਕਰ ਸਕਦੀਆਂ ਹਨ।
ਜੇ ਤੁਸੀਂ ਅਜੇ ਵੀ ਸਲਿੰਗ (ਬਾਂਹ ਨੂੰ ਸਹਾਰਾ ਦੇਣ ਵਾਲੀ ਪੱਟੀ), ਸਪਲਿੰਟ, ਜਾਂ ਪਲੱਸਤਰ (cast) ਵਿੱਚ ਹੋ, ਤਾਂ ਗੱਡੀ ਨਾ ਚਲਾਓ। ਜੇ ਤੁਸੀਂ ਸਟੀਅਰਿੰਗ ਨੂੰ ਦੋਹਾਂ ਹੱਥਾਂ ਨਾਲ ਮਜ਼ਬੂਤੀ ਨਾਲ ਨਹੀਂ ਫੜ ਸਕਦੇ, ਜਾਂ ਗੇਅਰ ਜਾਂ ਇੰਡੀਕੇਟਰ ਨਹੀਂ ਚਲਾ ਸਕਦੇ, ਤਾਂ ਗੱਡੀ ਨਾ ਚਲਾਓ।
ਆਮ ਸਮਾਂ-ਸੀਮਾਵਾਂ
ਇਹ ਆਮ ਸੇਧਾਂ ਹਨ; ਤੁਹਾਡਾ ਸਰਜਨ ਤੁਹਾਨੂੰ ਖ਼ਾਸ ਤਾਰੀਖ਼ ਦੱਸੇਗਾ।
| ਓਪਰੇਸ਼ਨ | ਆਮ ਤੌਰ ਉੱਤੇ ਸਭ ਤੋਂ ਜਲਦੀ ਵਾਪਸੀ |
|---|---|
| ਕਾਰਪਲ ਟਨਲ ਰਿਲੀਜ਼ (ਕੱਟ ਕੇ ਖੋਲ੍ਹਣਾ) | 1–2 ਹਫ਼ਤੇ (ਜਦੋਂ ਜ਼ਖ਼ਮ ਆਰਾਮਦਾਇਕ ਹੋਵੇ) |
| ਟ੍ਰਿਗਰ ਫਿੰਗਰ (ਉਂਗਲ ਦਾ ਅਟਕਣਾ) ਰਿਲੀਜ਼ | 1–2 ਹਫ਼ਤੇ |
| ਗੁੱਟ ਦੇ ਗੈਂਗਲੀਅਨ ਸਿਸਟ (ਤਰਲ ਨਾਲ ਭਰੀ ਗੰਢ) ਨੂੰ ਕੱਢਣਾ | 2–3 ਹਫ਼ਤੇ |
| ਕੂਹਣੀ ਦੀ ਨਸ (nerve) ਦੀ ਰਿਲੀਜ਼ | 2–3 ਹਫ਼ਤੇ |
| ਡਿਸਟਲ ਬਾਈਸੈਪਸ (ਕੂਹਣੀ ਕੋਲ ਬਾਈਸੈਪਸ ਦਾ ਟੈਂਡਨ) ਦੀ ਮੁਰੰਮਤ | 6 ਹਫ਼ਤੇ (ਜਦੋਂ ਬ੍ਰੇਸ ਉਤਰ ਜਾਵੇ) |
| ਰੋਟੇਟਰ ਕਫ਼ ਦੀ ਮੁਰੰਮਤ | 6 ਹਫ਼ਤੇ (ਸਲਿੰਗ ਉਤਰਨ ਤੋਂ ਬਾਅਦ, ਸਰਜਨ ਦੀ ਮਨਜ਼ੂਰੀ ਨਾਲ) |
| ਮੋਢਾ ਬਦਲਣ ਦੀ ਸਰਜਰੀ | 6 ਹਫ਼ਤੇ |
| ਗੁੱਟ ਦੀ ਫ਼ਿਊਜ਼ਨ (ਹੱਡੀਆਂ ਨੂੰ ਪੱਕੇ ਤੌਰ ਉੱਤੇ ਜੋੜਨਾ) | 6 ਹਫ਼ਤੇ (ਸਪਲਿੰਟ ਉਤਰਨ ਤੋਂ ਬਾਅਦ) |
| ਉਂਗਲ ਦੇ ਜੋੜ ਦੀ ਫ਼ਿਊਜ਼ਨ | 4–6 ਹਫ਼ਤੇ (ਸਪਲਿੰਟ ਉਤਰਨ ਤੋਂ ਬਾਅਦ) |
| ਲਾਟਾਰਜੇ (Latarjet) / ਮੋਢੇ ਨੂੰ ਸਥਿਰ ਕਰਨ ਦੀ ਸਰਜਰੀ | 6 ਹਫ਼ਤੇ |
ਵਿਹਾਰਕ ਜਾਂਚ
ਸੜਕ ਉੱਤੇ ਗੱਡੀ ਚਲਾਉਣ ਤੋਂ ਪਹਿਲਾਂ, ਖੜ੍ਹੀ ਕਾਰ ਵਿੱਚ ਬੈਠ ਕੇ ਇਹ ਕੋਸ਼ਿਸ਼ ਕਰੋ:
- ਬਾਂਹ ਥੱਕੇ ਬਿਨਾਂ 5 ਮਿੰਟ ਲਈ ਦੋਵੇਂ ਹੱਥ ਸਟੀਅਰਿੰਗ ਉੱਤੇ ਰੱਖਣਾ
- ਸਟੀਅਰਿੰਗ ਨੂੰ ਦੋਹਾਂ ਪਾਸਿਆਂ ਵੱਲ ਪੂਰਾ ਘੁਮਾਉਣਾ
- ਹੱਥ ਵਧਾ ਕੇ ਗੇਅਰ ਅਤੇ ਇੰਡੀਕੇਟਰਾਂ ਤੱਕ ਪਹੁੰਚਣਾ
- ਐਮਰਜੈਂਸੀ ਵਿੱਚ ਅਚਾਨਕ ਗੱਡੀ ਰੋਕਣ ਦਾ ਅਭਿਆਸ ਕਰਨਾ
ਜੇ ਕੁਝ ਵੀ ਔਖਾ ਜਾਂ ਦਰਦ ਵਾਲਾ ਹੈ, ਤਾਂ ਤੁਸੀਂ ਅਜੇ ਤਿਆਰ ਨਹੀਂ ਹੋ।
ਬੀਮਾ
ਜੇ ਤੁਹਾਡੇ ਡਾਕਟਰ ਨੇ ਤੁਹਾਨੂੰ ਗੱਡੀ ਨਾ ਚਲਾਉਣ ਲਈ ਕਿਹਾ ਹੈ ਅਤੇ ਤੁਸੀਂ ਫਿਰ ਵੀ ਗੱਡੀ ਚਲਾਉਣ ਦਾ ਫ਼ੈਸਲਾ ਕਰਦੇ ਹੋ, ਤਾਂ ਆਪਣੀ ਬੀਮਾ ਕੰਪਨੀ ਨੂੰ ਦੱਸੋ; ਹੋ ਸਕਦਾ ਹੈ ਤੁਹਾਡਾ ਬੀਮਾ ਲਾਗੂ ਨਾ ਹੋਵੇ। ਜੇ ਤੁਹਾਨੂੰ ਪੱਕਾ ਪਤਾ ਨਹੀਂ, ਤਾਂ ਆਪਣੀ ਬੀਮਾ ਕੰਪਨੀ ਤੋਂ ਲਿਖਤੀ ਰੂਪ ਵਿੱਚ ਪੁੱਛੋ।
ਲੰਮੇ ਸਫ਼ਰ
ਮੁੜ ਗੱਡੀ ਚਲਾਉਣ ਦੇ ਪਹਿਲੇ ਮਹੀਨੇ ਦੌਰਾਨ ਆਮ ਨਾਲੋਂ ਜ਼ਿਆਦਾ ਵਾਰ ਰੁਕ ਕੇ ਆਰਾਮ ਕਰੋ। ਅਕੜਾਅ ਅਤੇ ਥਕਾਵਟ ਤੁਹਾਡੀ ਉਮੀਦ ਨਾਲੋਂ ਜਲਦੀ ਵਧਦੇ ਹਨ।




